ਸ਼ੇਰਨੀ
ਜਿਨ੍ਹਾਂ ਬਾਗ਼ਾਂ ਦੀ ਮੈਂ ਸ਼ੇਰਨੀ, ਉਹ ਕਿੱਥੇ ਬਾਗ਼ਾਂ ਵਾਲੇ ?
ਜਿਨ੍ਹਾਂ ਹੱਥਾਂ ਦੀ ਮੈਂ ਕਿਰਤ ਹਾਂ, ਉਹ ਕਿੱਥੇ “ਭਾਗਾਂ ਵਾਲੇ” ?
ਮੈਂ ਸੱਪਾਂ ਦੇ ਪੁੱਤ-ਪੋਤਰੇ, ਸਨ ਮਰ-ਮਰ ਪਾਲੇ ।
ਉਹਨਾਂ ! ਮੇਰਿਆਂ ਨੂੰ ਹੀ ਡੰਗ ਲਿਆ, ਕਰ ਘਾਲੇ-ਮਾਲੇ ।
ਹੁਣ ਛੁਰੀਆਂ ਲੈ ਲੈ ਘੁੰਮਦੇ, ਮੇਰੇ ਆਲੇ-ਦੁਆਲੇ ।
‘ਤੇ ਮੇਰੇ ਲਾਡਲਿਆਂ ਦੇ ਸਹਿਕਦੇ, ਹੱਲਾਂ ਦੇ ਫਾਲੇ ।
ਉੱਜੜੇ ! ਕਿਹੜੇ ਹਾਲੀਂ ਹੋਣਗੇ, ਹੋਣੇ ਠਰਦੇ ਪਾਲੇ ।
ਮੇਰੀ ਬੁੱਕਲ ਜੋ ਵਿੱਚ ਬਚੇ ਨੇ, ਉਹ ਨਸ਼ਿਆਂ ਖਾ ਲਏ ।
ਬਾਕੀ ਕਰ “ਦੋ-ਮੂੰਹੀਂ” ਲੈ ਗਈ, ਮੇਰੇ ਕੋਲੋਂ ਉਧਾਲੇ ।
‘ਤੇ ਹੁਣ ਪਾਣੀ ਓਪਰੇ ਵਹਿੰਦੇ ਨੇ, ਮੇਰੇ ਖਾਲੇ-ਖਾਲੇ ।
ਕੌਣ, ਦੱਸੋ ਕਲਮਾਂ ਵਾਲਿਉ, ਹੁਣ ਕਿਰਤ ਸੰਭਾਲੇ ?
ਕੌਣ, ਦੱਸੋ ਦੁਨੀਆਂ ਵਾਲਿਉ, ਹੁਣ ਬਾਗ਼ ਸੰਭਾਲੇ ?
ਜਿਨ੍ਹਾਂ ਬਾਗ਼ਾਂ ਦੀ ਮੈਂ ਸ਼ੇਰਨੀ, ਉਹ ਕਿੱਥੇ ਬਾਗ਼ਾਂ ਵਾਲੇ ?
ਜਿਨ੍ਹਾਂ ਹੱਥਾਂ ਦੀ ਮੈਂ ਕਿਰਤ ਹਾਂ, ਉਹ ਕਿੱਥੇ “ਭਾਗਾਂ ਵਾਲੇ” ?

No comments:
Post a Comment