Monday, November 19, 2012

ਕਵਿਤਾ/ਨਜ਼ਮ


ਸੋਹਣੀ ਪਤਝੜ

ਕਿੰਨੀ ਸੋਹਣੀ ਆਈ ਪਤਝੜ, ਖੁਸ਼ੀ ਦੇ ਰੰਗ ਲਿਆਈ ਪਤਝੜ,
ਹਰ ਕਿਰਤੀ ਦੇ ਘਰ ਖੁਸ਼ਹਾਲੀ, ਚਾਅ-ਮਲਾਰਾਂ ਜਾਈ ਪਤਝੜ

ਭੂਰੇ, ਲਾਲ ਤੇ ਪੀਲ਼ੇ ਪੱਤੇ, ਖੁਸ਼ੀਆਂ ਭਰੇ ਨਸ਼ੀਲੇ ਪੱਤੇ,
ਮਟਕ-ਮਟਕ ਕੇ ਭੋਇੰ ਤੇ ਡਿਗਦੇ , ਨਟਖਟ ਤੇ ਫੁਰਤੀਲੇ ਪੱਤੇ।
ਸੀਤਲ ਆਉਣ ਪੱਛੋਂ ਦੇ ਬੁਲੇ, ਟਾਹਣੀ ਜੁੜਿਆਂ ਲਾਈ ਖੜ-ਖੜ।

ਨ੍ਰਿਤ-ਮੁਦਰਾ ਦਾ ਆਸਣ ਕਰਿਆ, ਚੁੱਪ ਸਾਧ ਇਕੋ ਰੁਖ਼ ਧਰਿਆ,
ਤੂਤ, ਧ੍ਰੇਕ ਸਭ ਟਾਹਲੀ, ਕਿੱਕਰ, ਰੁੱਤ ਵਰੇ ਜਿਉਂ ਲਾੜੀ ਵਰਿਆ।
ਮਸਤੀ ਘੁਟ-ਘੁਟ ਜਾਮ ਚੜ੍ਹਾ ਕੇ, ਰੁੱਖ ਮਦਹੋਸ਼ ਹੋਏ ਨੇ ਝੜ-ਝੜ।

Wednesday, October 3, 2012

ਕਵਿਤਾ/ਨਜ਼ਮ

 

ਤਪਸ਼

ਅੰਤਾਂ ਦੀ ਤਪਸ਼
ਮੇਰੇ ਅੰਦਰਲੇ ਸੇਕ ਨੂੰ ਹਲੂਣਾ ਦੇਂਦੀ ਹੈ
ਤੇ ਫੇਰ, ਅੱਖਾਂ ਮੀਟੀ
ਸੁਪਨਿਆਂ ,
ਮੈਨੂੰ ਧਰਤੀ ਦੀ ਛਾਤੀ ਤੇ

ਹਲਕੀ ਕਿਣ-ਮਿਣ, ਕਿਣ-ਮਿਣ

ਦਾ ਅਹਿਸਾਸ ਹੋਇਆ ਹੈ

ਹੁਣ ਮੈਂ ਆਨੰਦਿਤ ਹਾਂ,

ਐਪਰ, ਤਪਸ਼,
ਜੋ ਹਰ ਬੀਜ ਦੀ ਜ਼ਰੂਰਤ
ਅਤੇ ਇਕ ਸਾਂਝ ਵੀ ਹੈ,
ਹਾਜ਼ਰ ਹੈ........

ਭੂਪਿੰਦਰ।

Thursday, September 13, 2012

ਗਜ਼ਲ

 

ਬੇਸਹਾਰਾ ਸ਼ਹਿਰ

ਕੋਈ ਚੋਰੀ-ਚੋਰੀ ਲਾ ਗਿਆ, ਤੇਰੇ ਵਿਹੜੇ ਬੂਟਾ ਜ਼ਹਿਰ ਦਾ
ਕੋਈ ਨੀਂਹ 'ਚ ਪੱਥਰ ਧਰ ਗਿਆ, ਕਿਸੇ ਖਸਮਾਂ ਖਾਣੇ ਕਹਿਰ ਦਾ
 
ਵੇ! ਰੁਲ ਗਈ ਜਵਾਨੀ ਝੋਬਰਾ, ਸਭ ਸੁਪਨੇ ਚਕਨਾ ਚੂਰ ਨੇ
ਨਾ ਕਦੇ ਉਨੀਂਦੋ ਜਾਗਿਆ, ਤੂੰ ਸੁੱਤਾ ਕਿਹੜੇ ਪਹਿਰ ਦਾ
 
ਵੇ! ਉਠ ਦੇਖ ਸਿਰਹਾਣੇ ਜੰਮਦੀ, ਤੇਰੇ ਬੂਟੀ ਬੁਰੀ ਬਲਾ ਦੀ
ਮੈਨੂੰ ਆਉਂਦਾ ਦਿਸਦਾ ਜ਼ਲਜ਼ਲਾ, ਇਸ ਕਾਂਗਣ ਹਰੀ ਕਚਹਿਰ ਦਾ
ਕੋਈ ਸੂਰਜ ਢਲਦਾ ਤੱਕਦਾ, ਤੇਰੇ ਸੱਭਿਆਚਾਰ ਅਮੀਰ ਦਾ
ਕਿਸੇ ਖ਼ੁਰਾਸਾਨ ਤੋਂ ਧਾ ਪਿਆ, ਬੰਨ ਕੱਸੇ ਕਮਰ ਦੁਪਹਿਰ ਦਾ
ਹੁਣ ਕੌਣ ਸੰਭਾਲੂ ਯੋਧਿਆ, ਪੱਗ, ਇਜ਼ਤਾਂ ਵਾਲੇ ਪੂਰਨੇ
ਕਿਸੇ ਰਾਹ ਬੁੱਚੜ ਨੇ ਫੜ ਲਿਆ, ਤੇਰੇ ਬੇਸਹਾਰਾ ਸ਼ਹਿਰ ਦਾ
- ਭੂਪਿੰਦਰ

Wednesday, August 29, 2012

ਕਵਿਤਾ/ਨਜ਼ਮ

 


ਇਕ ਬੱਦਲ

ਬਿਖਰਿਆ ਵਿਚ ਆਸਮਾਨ ਦੇ,
ਬਿਰਹੋਂ ਦੇ ਦੋਜ਼ਖ਼ ਪੈ ਰਿਹੈ ਸੜਨਾ।
ਲਿਸ਼ਕ-ਲਿਸ਼ਕ ਮਹਿਬੂਬ ਤੇ ਮਰਨਾ,
ਮੁੱਕਿਆ, ਮੇਰਾ ਸਾਉਣ ‘ਚ ਵਰ੍ਹਨਾ।
ਕਿੱਥੇ ਵਰ੍ਹਨਾ, ਕਿੱਥੇ ਵਰ੍ਹਨਾ?

ਪੰਜ ਦਰਿਆ ਦੀ ਧਰਤੀ ਪੱਧਰੀ,
ਕੋਹਾਂ ਤੇ ਕੋਈ ਬਿਰਖ ਖੜਾ।
ਬੂਟਾ-ਬੂਟਾ ਵੱਢ ਮੁਕਾਇਆ,
ਸੀਨੇ ਦੇ ਵਿਚ ਦਰਦ ਬੜਾ।
ਕਿਸ ਮਹਿਬੂਬ ਦੇ ਸਦਕੇ ਜਾਣਾ,
ਕੀਹਨੂੰ ਝੁਕ-ਝੁਕ ਸਜ਼ਦਾ ਕਰਨਾ?
ਕਿੱਥੇ ਵਰ੍ਹਨਾ, ਕਿੱਥੇ ਵਰ੍ਹਨਾ?



Sunday, July 1, 2012

ਕਵਿਤਾ/ਨਜ਼ਮ

ਦਾਈ ਦੀ ਪੁਕਾਰ

(ਪ੍ਰੇਰਣਾ ਸ੍ਰੋਤ: ਜਪੁਜੀ ਸਾਹਿਬ)


ਪਿਆਰੇ ਪਸ਼ੂਓ! ਆਓ, ਮੇਰੀ ਗੋਦ ਵਿਚ ਆ ਜਾਓ,
ਭਟਕਦੇ ਰਹੇ, ਆਪਣੀ ਹੋਂਦ ਬਚਾਉਣ ਖਾਤਰ,

ਦਿਨ ਭਰ, ਜਲ-ਥਲ, ਜੰਗਲ-ਬੇਲਿਆਂ ਚ ਅਤੇ ਪਹਾੜਾਂ ਤੇ

ਧੁੱਪ-ਛਾਂ, ਮੀਂਹ-ਹਨੇਰੀ ਦੀ ਪਰਵਾਹ ਕੀਤੇ ਬਿਨਾਂ,

ਆਓ ਹੁਣ! ਫੇਹੇ ਲਾਵਾਂ ਅਤੇ ਲੋਰੀਆਂ ਸੁਣਾਵਾਂ।

Wednesday, May 23, 2012

ਕਵਿਤਾ/ਨਜ਼ਮ

ਜੁੜਿਆ ਵਰ


ਜੁੜਿਆ ਵਰ, ਕੁੜਿਆ ਵਰ, ਹਰਦਮ ਲੜਦਾ ਰਹਿੰਦਾ।
ਆਖਾ ਮੰਨਾਂ, ਗੱਲ ਨਾ ਭੰਨਾਂ, ਫਿਰ ਵੀ ਸੜਦਾ ਰਹਿੰਦਾ।

ਬਾਬਲ ਮੇਰੇ ਕਈ ਸੌਗਾਤਾਂ, ਦਾਜ ਬਣਾ ਘਰ ਭਰਿਆ,
ਫਲਾਣੇ ਕਿਆਂ ਦੇ ਕੋਲ ਵਲੈਤਣ, ਇਹ ਨਾ ਨੰਨਾ ਧਰਿਆ।
ਗੱਲ-ਗੱਲ ਤੇ ਸਾੜੇ, ਸੀਨਾ ਛਲਣੀ ਕਰਦਾ ਰਹਿੰਦਾ।

Tuesday, May 15, 2012

ਕਵਿਤਾ/ਨਜ਼ਮ


ਸ਼ੇਰਨੀ

ਜਿਨ੍ਹਾਂ ਬਾਗ਼ਾਂ ਦੀ ਮੈਂ ਸ਼ੇਰਨੀ, ਉਹ ਕਿੱਥੇ ਬਾਗ਼ਾਂ ਵਾਲੇ ?

ਜਿਨ੍ਹਾਂ ਹੱਥਾਂ ਦੀ ਮੈਂ ਕਿਰਤ ਹਾਂ, ਉਹ ਕਿੱਥੇ ਭਾਗਾਂ ਵਾਲੇ ?

ਮੈਂ ਸੱਪਾਂ ਦੇ ਪੁੱਤ-ਪੋਤਰੇ, ਸਨ ਮਰ-ਮਰ ਪਾਲੇ ।

ਉਹਨਾਂ ! ਮੇਰਿਆਂ ਨੂੰ ਹੀ ਡੰਗ ਲਿਆ, ਕਰ ਘਾਲੇ-ਮਾਲੇ ।

Thursday, April 12, 2012

ਕਵਿਤਾ/ਨਜ਼ਮ

ਭੁਲੇਖਾ


ਹੇ ਭਗਵਾਨ !
ਕੋਟਿ-ਕੋਟਿ ਪ੍ਰਣਾਮ...ਕੋਟਿ-ਕੋਟਿ ਪ੍ਰਣਾਮ,
ਦੁਬਾਰਾ, ਹੁਣ ਫੇਰ ਮੈਂ,

ਆਪਦੀ ਭਗਤੀ ਸ਼ੁਰੂ ਕਰਨ ਲੱਗਾ ਹਾਂ।

ਅਸਲ ਵਿੱਚ, ਜਿਹੜਾ ਫਲ਼ ਤੁਸੀਂ,

ਮੇਰੀ ਪਿਛਲੀ ਤਪੱਸਿਆ ਵਾਸਤੇ ਮੈਨੂੰ ਦਿੱਤਾ ਸੀ,

ਉਸ ਕਰਕੇ ਭੋਗ ਰਿਹਾ ਹਾਂ, ਮੈਂ ਡਾਹਡਾ ਦੁੱਖ।

ਉਦੋਂ ਮੈਂ, ਵਰਦਾਨ ਦੇ ਰੂਪ ..

ਨਫ਼ਰਤਾਂ ਦਾ ਭਰਿਆ ਇਕ ਝੋਲਾ ਮੰਗਿਆ ਸੀ,

ਤੁਸਾਂ ਮੇਰੀ ਮੰਗ ਪੂਰੀ ਕੀਤੀ,

ਕੋਟਿ-ਕੋਟਿ ਪ੍ਰਣਾਮ...ਕੋਟਿ-ਕੋਟਿ ਪ੍ਰਣਾਮ,

Thursday, April 5, 2012

ਕਵਿਤਾ/ਨਜ਼ਮ

ਰੁੱਤ ਦੀ ਉਡੀਕ
ਕੌਣ ਹਾਂ ਮੈਂ?....ਕਾਹਦੇ ਲਈ ਹਾਂ?
ਕਈ ਵਾਰ, ਇਸ ਓਪਰੀ ਧਰਤੀ ਦੇ, ਅੰਦਰ
ਪੁੱਛਦਾ ਹਾਂ...ਆਪਣੇ ਆਪ ਨੂੰ।
ਐਪਰ, ਕਦੇ ਤੱਕਦਾ ਵੀ ਨਹੀਂ...
ਆਪਣੇ ਅੰਦਰਲੇ ਸਵਾਲ ਕਰਤਾ ਵੱਲ।