ਇਕ
ਬੱਦਲ
ਬਿਖਰਿਆ ਵਿਚ ਆਸਮਾਨ
ਦੇ,ਬਿਰਹੋਂ ਦੇ ਦੋਜ਼ਖ਼ ਪੈ ਰਿਹੈ ਸੜਨਾ।
ਲਿਸ਼ਕ-ਲਿਸ਼ਕ ਮਹਿਬੂਬ ਤੇ ਮਰਨਾ,
ਮੁੱਕਿਆ, ਮੇਰਾ ਸਾਉਣ ‘ਚ ਵਰ੍ਹਨਾ।
ਕਿੱਥੇ ਵਰ੍ਹਨਾ, ਕਿੱਥੇ ਵਰ੍ਹਨਾ?
ਪੰਜ ਦਰਿਆ ਦੀ ਧਰਤੀ ਪੱਧਰੀ,
ਕੋਹਾਂ ਤੇ ਕੋਈ ਬਿਰਖ ਖੜਾ।
ਬੂਟਾ-ਬੂਟਾ ਵੱਢ ਮੁਕਾਇਆ,
ਸੀਨੇ ਦੇ ਵਿਚ ਦਰਦ ਬੜਾ।
ਕਿਸ ਮਹਿਬੂਬ ਦੇ ਸਦਕੇ ਜਾਣਾ,
ਕੀਹਨੂੰ ਝੁਕ-ਝੁਕ ਸਜ਼ਦਾ ਕਰਨਾ?
ਕਿੱਥੇ ਵਰ੍ਹਨਾ, ਕਿੱਥੇ ਵਰ੍ਹਨਾ?
ਗੁੱਡੀਆਂ ਫੂਕਣ ਚੱਲੀਆਂ ਬੁੜ੍ਹੀਆਂ,
ਧੀਆਂ ਦੇ ਜੋ ਦਰਦ ਬੜੇ।
ਜੇਠ-ਹਾੜ ਦੀ ਤਪਸ਼ ਦੇ ਸਾੜੇ,
ਵਰ੍ਹਜਾ! ਆਖਣ, ਸਾਉਣ ਚੜੇ।
ਮੁੱਕ ਚੱਲੀਆਂ ਨੇ ਕੁੜੀਆਂ-ਚਿੜੀਆਂ
ਪੱਥਰਾਂ ਕੀ ਪਛਤਾਵਾ ਕਰਨਾ?
ਕਿੱਥੇ ਵਰ੍ਹਨਾ, ਕਿੱਥੇ ਵਰ੍ਹਨਾ?
ਪੱਥਰ ਦੇ ਇਨਸਾਨ ਨੂੰ ਵੇਖੋ,
ਪੱਥਰ-ਯੁਗ ਦਾ ਫੁਰਨਾ ਫੁਰਿਆ।
ਗਰਭ ਕਰੇ ਮਸਨੂਈ ਸ਼ੈਅ ਤੇ,
ਪਥਰੀਲੇ ਜੰਗਲ ਫਿਰਦਾ ਤੁਰਿਆ।
ਇਸ ਪੱਥਰ ਨੇ ਤ੍ਰਿਸ਼ਨਾ-ਸਾਗਰ,
ਖੌਰੇ ਕਿਹੜੇ ਹਾਲੀਂ ਤਰਨਾ।
ਕਿੱਥੇ ਵਰ੍ਹਨਾ, ਕਿੱਥੇ ਵਰ੍ਹਨਾ?
ਕਿੱਥੇ ਵਰ੍ਹਨਾ, ਕਿੱਥੇ ਵਰ੍ਹਨਾ?
ਭੂਪਿੰਦਰ।

No comments:
Post a Comment