Thursday, January 24, 2013

ਕਵਿਤਾ/ਨਜ਼ਮ

ਕੀ ਏ ਸੱਭਿਆਚਾਰ ਪੰਜਾਬੀ?

ਕੀ ਹੁੰਦਾ ਪੰਜਾਬ ਏ ਸੱਜਣਾ, ਕਿਸਨੂੰ ਕਹਿੰਦੇ ਅਣਖ ਪੰਜਾਬੀ?
ਐਸ਼ਲੀਨ, ਮਨਮੀਤ ਤੋਂ ਪੁੱਛੋ, ਕੀ ਏ ਸੱਭਿਆਚਾਰ ਪੰਜਾਬੀ?

ਜਨਮ ਲਿਆ ਭਾਵੇਂ ਏਸ ਭੋਇੰ ‘ਤੇ, ਪੰਜਾਬ ਦੀ ਖ਼ੁਸ਼ਬੂ ਰੋਇੰ-ਰੋਇੰ ‘ਤੇ,
ਲਿਖਣ ‘ਤੇ ਬੋਲਣ ਠੇਠ ਮਾਂ-ਬੋਲੀ, ਭੁੱਲਦੇ ਨਹੀਂ ਸਤਿਕਾਰ ਪੰਜਾਬੀ।
ਐਸ਼ਲੀਨ, ਮਨਮੀਤ ਤੋਂ ਪੁੱਛੋ, ਕੀ ਏ ਸੱਭਿਆਚਾਰ ਪੰਜਾਬੀ?ਪਹਿਚਾਣ ਪਹਿਰਾਵੇ ਦੀ ਨੂੰ ਗੁੜ੍ਹਤਾ , ਸਲਵਾਰ-ਕਮੀਜ਼, ਪਜਾਮਾ-ਕੁੜਤਾ
ਤੁਰ੍ਹਲੇ ਵਾਲੀ ਪੱਗ ਵੀ ਬੰਨ੍ਹਦੇ, ਕਦੇ-ਕਦੇ ‘ਸ਼ਾਹਕਾਰ’ ਪੰਜਾਬੀ।
ਐਸ਼ਲੀਨ, ਮਨਮੀਤ ਤੋਂ ਪੁੱਛੋ, ਕੀ ਏ ਸੱਭਿਆਚਾਰ ਪੰਜਾਬੀ?

ਕਿਸੇ ਅਹਿਮਦ ਸ਼ਾਹ ਤੋਂ ਕਦੇ ਨਾ ਡਰਦੇ, ਖਾਣ-ਪੀਣ ਦਾ ਲਾਹਾ ਕਰਦੇ,
ਰੋਟੀ ਮਿੱਸੀ ਸਾਗ ਸਰੋਂ ਦਾ, ਬਣ ਮੱਖਣਾਂ ਸ਼ਿੰਗਾਰ ਪੰਜਾਬੀ।
ਐਸ਼ਲੀਨ, ਮਨਮੀਤ ਤੋਂ ਪੁੱਛੋ, ਕੀ ਏ ਸੱਭਿਆਚਾਰ ਪੰਜਾਬੀ?

ਸੁਭਾਅ ਦੇ ਖੁੱਲੇ, ਸ਼ਾਹੀ ਬਹਿਣੀ, ਉੱਚੀ ਸੋਚ ਤੇ ਸਾਦੀ ਰਹਿਣੀ,
ਰਿਸ਼ਤਿਆਂ ਤੇ ਮੋਹ ਡੁੱਲ-ਡੁੱਲ ਪੈਂਦਾ, ਯਾਰਾਂ ਦੇ ਨੇ ਯਾਰ ਪੰਜਾਬੀ।
ਐਸ਼ਲੀਨ, ਮਨਮੀਤ ਤੋਂ ਪੁੱਛੋ, ਕੀ ਏ ਸੱਭਿਆਚਾਰ ਪੰਜਾਬੀ?

ਕਬੱਡੀ, ਹਾਕੀ, ਜੰਗ-ਪਲੰਗਾ, ਛੂਹਣ-ਛੁਹਾਈ ਤੇ ਗੁੱਲੀ-ਡੰਡਾ,
ਲੱਕ-ਭੰਨਣ ਤੇ ਬੰਟੇ ਖੇਡਣ, ਦੌੜਨ ਨਜ਼ਰਾਂ ਦੀ ਰਫਤਾਰ ਪੰਜਾਬੀ।
ਐਸ਼ਲੀਨ, ਮਨਮੀਤ ਤੋਂ ਪੁੱਛੋ, ਕੀ ਏ ਸੱਭਿਆਚਾਰ ਪੰਜਾਬੀ?

ਦਸਾਂ ਗੁਰਾਂ ਦੀ ਸਿੱਖਿਆ ਮੇਵੇ, ਔਖੀ ਘੜੀ ਨਾ ਦੇਖਣ ਦੇਵੇ,
ਜੁਲਮ ਨਾ ਕਰਨਾ, ਨਾਹੀਂ ਸਹਿਣਾ, ਚੁੱਕ ਲੈਣੀ ਤਲਵਾਰ ਪੰਜਾਬੀ।
ਐਸ਼ਲੀਨ, ਮਨਮੀਤ ਤੋਂ ਪੁੱਛੋ, ਕੀ ਏ ਸੱਭਿਆਚਾਰ ਪੰਜਾਬੀ?

ਗੁਰ-ਪੀਰਾਂ ਦੀ ਧਰਤੀ ਲੱਗੀਆਂ, ਜੜ੍ਹਾਂ ਨਾ ਭੁੱਲਦੇ ਮੂਲੋਂ ਸਗੀਆਂ,
ਇਸ ਧਰਤੀ ਤੇ ਕੀਮਤ-ਕਦਰਾਂ, ਮਾਣਨਗੇ ਤਿਉਹਾਰ ਪੰਜਾਬੀ।
ਐਸ਼ਲੀਨ, ਮਨਮੀਤ ਤੋਂ ਪੁੱਛੋ, ਕੀ ਏ ਸੱਭਿਆਚਾਰ ਪੰਜਾਬੀ?

ਭੂਪਿੰਦਰ ਨਿਊਯਾਰਕ।

No comments:

Post a Comment